ਸਿੱਖ ਧਰਮ ਦੇ ਸ਼ਹੀਦਾਂ ਦੀ ਕਤਾਰ ਵਿੱਚੋਂ ਜਿਸ ਸ਼ਹੀਦ ਦਾ ਅਸੀਂ ਇਥੇ ਜ਼ਿਕਰ ਕਰਨਾ ਹੈ ਉਹ ਚਮਕੌਰ ਸਾਹਿਬ ਦੀ ਜੰਗ ਦਾ ਅਨਮੋਲ ਹੀਰਾ ਹੈ, ਜਿਸ ਦਾ ਨਾਂ ਭਾਈ ਸੰਗਤ ਸਿੰਘ ਹੈ। ਭਾਈ ਸੰਗਤ ਸਿੰਘ ਦੀ ਵਡਿਆਈ ਇਸ ਗੱਲ ਵਿਚ ਵੀ ਹੈ ਕਿ ਆਪ ਜੀ ਨੂੰ ਦਸਮ ਗੁਰੂ ਜੀ ਪਾਸੋਂ ਉਨ੍ਹਾਂ ਦੀ ਕਲਗੀ ਆਪਣੇ ਸੀਸ ਤੇ ਸਜਾਉਣ ਦਾ ਮਾਣ ਪ੍ਰਾਪਤ ਹੋਇਆ। ਭਾਈ ਸੰਗਤ ਸਿੰਘ ਜੀ ਦਾ ਜੀਵਨ ਇਤਿਹਾਸ ਪੜ੍ਹਦਿਆਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਆਪਣਾ ਜੀਵਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਰਹਿ ਕੇ ਗੁਜ਼ਾਰਿਆ। ਹੋਸ਼ ਸੰਭਾਲਦਿਆਂ ਹੀ ਆਪ ਸ੍ਰੀ ਅਨੰਦਪੁਰ ਸਾਹਿਬ ਆ ਗਏ ਸਨ। ਆਪ ਦੇੇ ਸ਼ਸਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਆਦਿ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕਰਨ ਦਾ ਜ਼ਿਕਰ ਵੀ ਮਿਲਦਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਪ ਨੇ ਆਪਣੇ ਆਪ ਨੂੰ ਜੰਗ ਲਈ ਪੂਰੀ ਤਰ੍ਹਾਂ ਤਿਆਰ ਕਰ ਲਿਆ ਸੀ। ਚਮਕੌਰ ਸਾਹਿਬ ਦੀ ਜੰਗ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੇ ਕਈ ਲੜਾਈਆਂ ਵਿਚ ਭਾਗ ਲਿਆ। ਆਪ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਾਲ ਬੱਸੀ ਕਲਾਂ ਤੋਂ ਪੰਡਤਾਣੀ ਛੁਡਾਉਣ ਸਮੇਂ, ਭੰਗਾਣੀ ਦੇ ਯੁੱਧ ਵਿਚ, ਅਗੰਮਪੁਰੇ ਦੀ ਲੜਾਈ ਅਤੇ ਸਰਸਾ ਦੀ ਜੰਗ ਵਿਚ ਵੀ ਆਪਣੀ ਸੂਰਬੀਰਤਾ ਦਾ ਸਬੂਤ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਸੰਗਤ ਸਿੰਘ ਦੀ ਸੂਰਬੀਰਤਾ, ਵਫਾਦਾਰੀਤੇ ਪੂਰਨ ਭਰੋਸਾ ਸੀ। ਗੁਰੂ ਜੀ ਆਪ ਤੇ ਬਹੁਤ ਮਾਣ ਕਰਦੇ ਸਨ। ਇਤਿਹਾਸ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਹਾਕਮਾਂ ਨੇ ਖਾਧੀਆਂ ਕਸਮਾਂ ਤੋੜ ਕੇ ਗੁਰੂ ਜੀ ਉੱਪਰ ਅਚਾਨਕ ਹਮਲਾ ਕਰ ਦਿੱਤਾ। ਇਥੇ ਵੀ ਘਮਸਾਨ ਦਾ ਯੁਧ ਹੋਇਆ ਸਿੱਖ ਸੂਰਬੀਰਾਂ ਨੇ ਮੁਗਲ ਫੌਜਾਂ ਦਾ ਡਟ ਕੇ ਟਾਕਰਾ ਕੀਤਾ। ਸਰਸਾ ਨਦੀ ਨੂੰ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਗੁਰੂ ਜੀ ਨੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਦੀ ਕਚੀ ਗੜ੍ਹੀ ਵਿਚ ਆ ਡੇਰਾ ਲਾਇਆ। ਲੱਖਾਂ ਦੀ ਤਦਾਦ ਵਿਚ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਮੁਗਲ ਫੌਜਾਂ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਚਮਕੌਰ ਦੀ ਇਸ ਧਰਤੀ ਉਤੇ ਦੁਨੀਆਂ ਦੀ ਅਨੋਖੀ ਜੰਗ ਲੜੀ ਗਈ, ਜਿਸ ਵਿਚ ਇਕ ਪਾਸੇ ਕੇਵਲ ਚਾਲੀ ਭੁੱਖਣ-ਭਾਣੇ ਸਿੰਘ ਸਨ, ਜਦਕਿ ਦੂਸਰੇ ਪਾਸੇ ਦੁਸਮਣ ਫੌਜ ਲੱਖਾਂ ਦੀ ਗਿਣਤੀ ਵਿਚ ਸੀ। ਇਸ ਜੰਗ ਵਿਚ ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਕਈ ਸਿੰਘਾਂ ਸਮੇਤ ਮੈਦਾਨੇ-ਜੰਗ ਵਿਚ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੂਰਜ ਅਸਤ ਹੋਣ ਨਾਲ ਜਦੋਂ ਚਮਕੌਰ ਸਾਹਿਬ ਦੀ ਜੰਗ ਰੁਕੀ ਤਾਂ ਗੜ੍ਹੀ ਵਿਚ ਗਿਣਤੀ ਦੇ ਸਿੰਘ ਰਹਿ ਗਏ ਸਨ। ਸਮੇਂ ਦੇ ਹਾਲਾਤ ਅਨੁਸਾਰ ਸਭ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਰਾਤ ਉਨ੍ਹਾਂ ਦੇ ਜੀਵਨ ਦੀ ਆਖਰੀ ਰਾਤ ਹੈ ਪਰ ਹਰੇਕ ਸਿੱਖ ਦੇ ਮਨ ਅੰਦਰ ਗੁਰੂ ਲਈ ਆਪਾ ਵਾਰਨ ਦਾ ਚਾਅ ਸੀ। ਸਾਰਿਆਂ ਨੂੰ ਇਸ ਗਲ ਦਾ ਤੌਖਲਾ ਸੀ ਕਿ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਅੰਦਰ ਲੜਦਿਆਂ ਸ਼ਹੀਦ ਹੋ ਗਏ ਤਾਂ ਜ਼ਾਲਿਮ ਲੋਕਾਂ ਨੂੰ ਫਿਰ ਦਬਾ ਲੈਣਗੇ। ਪਰ ਜੇਕਰ ਗੁਰੂ ਸਾਹਿਬ ਜੀ ਦੀ ਹੋਂਦ ਰਹੀ ਤਾਂ ਉਹ ਬਿਖੜੇ ਸਮੇਂ ਵੀ ਅਗਵਾਈ ਦੇ ਕੇ ਪੰਥ ਨੂੰ ਸੁਰਜੀਤ ਕਰ ਲੈਣਗੇ। ਇਸ ਲਈ ਸਭ ਦਾ ਇਹ ਵੀਚਾਰ ਸੀ ਕਿ ਖਾਲਸਾ ਪੰਥ ਨੂੰ ਸਦਾ ਕਾਇਮ ਰੱਖਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੜ੍ਹੀ ਵਿੱਚੋਂ ਸਹੀ ਸਲਾਮਤ ਨਿਕਲ ਜਾਣਾ ਜ਼ਰੂਰੀ ਹੈ। ਲੱਖਾਂ ਦੀ ਗਿਣਤੀ ਵਿਚ ਘੇਰਾ ਪਾਈ ਬੈਠੇ ਵੈਰੀ ਦਲ ਵਿੱਚੋਂ ਗੁਰੂ ਸਾਹਿਬ ਜੀ ਦੇ ਨਿਕਲ ਜਾਣ ਨਾਲ ਹੀ ਵੈਰੀ ਦਲ ਦਾ ਲੱਕ ਟੁੱਟ ਜਾਏਗਾ ਅਤੇ ਇਸ ਨਾਲ ਖਾਲਸੇ ਦੀ ਜਿੱਤ ਹੋਵੇਗੀ। ਹਲਾਤ ਦੇ ਮੱਦੇਨਜ਼ਰ ਉਹ ਗੁਰੂ ਸਾਹਿਬ ਜੀ ਨੂੰ ਇਕੱਲਿਆਂ ਵੀ ਨਹੀਂ ਭੇਜਣਾ ਚਾਹੁੰਦੇ ਸਨ। ਗੁਰੂ ਜੀ ਨਾਲ ਕਿਹੜਾ ਸਿੰਘ ਜਾਵੇਗਾ ਇਹ ਵੀ ਬੜਾ ਨਾਜੁਕ ਸਵਾਲ ਸੀ। ਅੰਤ ਫੈਸਲਾ ਹੋਇਆ ਕਿ ਪੰਜ ਪਿਆਰਿਆਂ ਵਿੱਚੋਂ ਹੁਣ ਤਕ ਬਚੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨਾਲ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਨਾਲ ਜਾਣਗੇ। ਗੜ੍ਹੀ ਵਿਚ ਬਾਕੀ ਰਹਿ ਗਏ ਸਿੰਘਾਂ ਵਿੱਚੋਂ ਭਾਈ ਸੰਗਤ ਸਿੰਘ ਦੀ ਨੁਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਾਫੀ ਮਿਲਦੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਪਿਆਰੇ ਸਿੱਖ ਹੋਣ ਦਾ ਮਾਣ ਬਖਸ਼ਿਸ਼ ਕਰ ਕੇ ਛਾਤੀ ਨਾਲ ਲਗਾਇਆ ਅਤੇ ਆਪਣੀ ਜਿਗਾ ਕਲਗੀ ਭਾਈ ਸੰਗਤ ਸਿੰਘ ਦੇ ਸੀਸਤੇ ਸਜਾ ਦਿੱਤੀ। ਆਪਣੇ ਸ਼ਸਤਰ-ਬਸਤਰ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਅਤੇ ਥਾਪੜਾ ਦਿੱਤਾ। ਇਸ ਦਾ ਜ਼ਿਕਰ ਕਰਦਿਆਂ ਗੁਰਬਿਲਾਸ ਪਾਤਸ਼ਾਹੀ 10 ਦੇ ਕਰਤਾ ਭਾਈ ਕੁਇਰ ਸਿੰਘ ਨੇ ਲਿਖਿਆ ਹੈ: ਜੋਤ ਦਈ ਤਿਹ ਕੋ ਅਪਨੀ ਪੁਨਿ ਦੀ ਕਲਗੀ ਔ ਜਿਗਾ ਸੁਖਦਾਨੀ, ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾ ਬਪੁ ਹੈ ਕਰਿ ਸ੍ਰੀ ਗੁਰ ਸਾਨੀ। ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਸੰਗਤ ਸਿੰਘ ਜੀ, ਤੁਸੀਂ ਮੇਰੇ ਜਾਣ ਮਗਰੋਂ ਮੇਰੀ ਪੌਸ਼ਾਕ ਪਹਿਨ ਕੇ ਮੇਰੇ ਮੋਰਚੇ ਵਾਲੇ ਸਥਾਨ ਤੇ ਬੈਠਣਾ। ਜਦੋਂ ਮੁਗ਼ਲ ਫੌਜਾਂ ਗੜ੍ਹੀਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਚੜ੍ਹਦੀ ਕਲਾ ਨਾਲ ਮੁਕਾਬਲਾ ਕਰਨਾ ਅਤੇ ਜਿਊਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾ। ਮੈਦਾਨੇ-ਜੰਗ ਵਿਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ। ਭਾਈ ਸੰਗਤ ਸਿੰਘ ਜੀ ਨੂੰ ਮੁਗ਼ਲ ਫੌਜਾਂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਤੀਰਾਂ ਦੀ ਬੁਛਾੜ ਕਰਦੀਆਂ ਰਹੀਆਂ। ਭਾਈ ਸੰਗਤ ਸਿੰਘ ਜੀ ਨੇ ਡਟ ਕੇ ਮੁਗ਼ਲਾਂ ਦਾ ਟਾਕਰਾ ਕੀਤਾ। ਕ੍ਰਿਪਾਨ, ਤੀਰਾਂ ਅਤੇ ਨੇਜ਼ਿਆਂ ਦੀ ਵਰਤੋਂ ਕਰ ਕੇ ਮੁਗ਼ਲਾਂ ਦੇ ਆਹੂ ਲਾਹ ਛੱਡੇ। ਜ਼ਖ਼ਮੀ ਹੋਏ ਵੀ ਭਾਈ ਸੰਗਤ ਸਿੰਘ ਜੀ ਅੰਤ ਸਮੇਂ ਤਕ ਫਤਹਿ ਦੇ ਜੈਕਾਰੇ ਗਜਾਉਂਦੇ ਰਹੇ ਅਤੇ ਗੁਰੂ ਸਾਹਿਬ ਦੁਆਰਾ ਦਿੱਤੇ ਹੁਕਮਾਂ ਤੇ ਇੰਨ-ਬਿੰਨ ਪੂਰੇ ਉਤਰੇ। ਜ਼ਾਲਿਮ ਵਿਰੁੱਧ ਯੁੱਧ ਲਈ ਗੁਰੂ ਸਾਹਿਬ ਜੀ ਦੇ ਫਲਸਫੇਤੇ ਚਲਦਿਆਂ ਹੋਇਆਂ ਦੁਸ਼ਮਣਾਂ ਨਾਲ ਅਦੁੱਤੀ ਜੰਗ ਲੜ ਕੇ ਭਾਈ ਸੰਗਤ ਸਿੰਘ ਜੀ ਵੀ ਗੁਰੂ-ਆਸ਼ੇ ਨੂੰ ਸਮਰਪਿਤ ਹੁੰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤਰ੍ਹਾਂ ਭਾਈ ਸੰਗਤ ਸਿੰਘ ਨੇ ਸਾਬਿਤ ਕਰ ਦਿੱਤਾ ਕਿ ਆਪਣੇ ਧਰਮ ਖਾਤਰ ਗੁਰੂ ਦੇ ਹੁਕਮ ਵਿਚ ਰਹਿ ਕੇ ਸ਼ਹਾਦਤ ਦੇਣੀ ਸੂਰਮਿਆਂ ਦਾ ਕੰਮ ਹੈ ਅਤੇ ਇਹ ਗੁਰੂ ਦਾ ਸਿਦਕੀ ਸਿੱਖ ਹੀ ਕਰ ਸਕਦਾ ਹੈ। ਭਾਈ ਸਾਹਿਬ ਨੂੰ ਅੱਜ ਸਿੱਖ ਇਤਿਹਾਸ ਅੰਦਰ ਵੱਡਾ ਮਾਣ ਤੇ ਸਤਿਕਾਰ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਜੀਵਨ ਇਤਿਹਾਸ ਵਿੱਚੋਂ ਜਿਥੇ ਗੁਰੂ ਪ੍ਰਤੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ, ਉਥੇ ਧਰਮ ਪ੍ਰਤੀ ਦ੍ਰਿੜ੍ਹਤਾ ਦਾ ਦਾ ਪੱਖ ਵੀ ਰੂਪਮਾਨ ਹੁੰਦਾ ਹੈ। ਅੱਜ ਜਦੋਂ ਮਨੁੱਖ ਪਦਾਰਥਵਾਦ ਦੀ ਅੰਨ੍ਹੀ ਦੌੜ੍ਹ ਇਕ ਦੂਸਰੇ ਤੋਂ ਲੰਘਣ ਦੇ ਯਤਨ ਵਿਚ ਹੈ ਅਤੇ ਕਦਰਾਂ-ਕੀਮਤਾਂ ਤੋਂ ਕਿਨਾਰਾ ਕਰ ਰਿਹਾ ਹੈ ਤਾਂ ਅਜਿਹੇ ਸਮੇਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਈ ਸੰਗਤ ਸਿੰਘ ਜੀ ਵਰਗੀਆਂ ਸ਼ਖ਼ਸੀਅਤਾਂ ਨੂੰ ਆਪਣਾ ਨਾਇਕ ਸਮਝ ਕੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲਈ ਜਾਵੇ। ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਹਾਨ ਸ਼ਹੀਦਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਉੱਦਮ ਕਰਨ। ਇਸ ਨਾਲ ਹੀ ਸਾਡੇ ਬੱਚੇ ਚੰਗੇ ਮਨੁੱਖ ਬਣ ਕੇ ਜ਼ਿੰਦਗੀ ਦੇ ਮਾਰਗ `ਤੇ ਸਫਲਤਾ ਨਾਲ ਚੱਲ ਸਕਣਗੇ।
Please log in to comment.