ਲੋਹਗੜ੍ਹ ਲੋਹੇ ਦਾ ਕਿਲ੍ਹਾ ਜਾਂ ਜਿੱਥੇ ਲੋਹੇ ਦਾ ਕੰਮਕਾਜ ਕੀਤਾ ਜਾਂਦਾ ਸੀ। ਅਨੰਦਪੁਰ ਸਾਹਿਬ ਅੰਦਰ ਉਸਾਰੇ ਇਸ ਕਿਲ੍ਹੇ ਵਿੱਚ ਦਸਵੇਂ ਪਾਤਸ਼ਾਹ ਆਪ ਅਪਣੇ ਸਿੱਖਾਂ ਪਾਸੋਂ ਵਧੀਆ ਤੇ ਆਧੁਨਿਕ ਢੰਗਾਂ ਦੇ ਫੌਲਾਦੀ ਸ਼ਸਤਰ ਤਿਆਰ ਕਰਵਾਇਆ ਕਰਦੇ ਸੀ। "ਗੁਣੀ ਲੁਹਾਰ ਲੋਹ ਕੇ ਘੜਤੇ, ਸ਼ਸਤਰ ਅਜਾਇਬ ਬਹੁ ਬਿਧਿ ਕਰਤੇ। ਤੋਮਰ ਤੀਰ ਤੁਪਕ ਤਲਵਾਰ, ਘੜ ਘੜ ਅਰਪਿਤ ਹੈ ਹਥਿਆਰ।" ਫੇਰ ਇਨਾਂ ਪੁਸ਼ਤੈਨੀ ਤਰਖਾਣ ਲੁਹਾਰ ਗੁਣੀ ਇੰਜੀਨੀਅਰਾਂ ਦੁਆਰਾ ਤਿਆਰ ਕੀਤੇ ਗਏ ਤੀਰ ਬੰਦੂਕ ਕਿਰਪਾਨਾਂ ਖੰਡੇ ਤੋਪਾਂ ਆਦਿ ਸ਼ਸਤਰਾਂ ਨੂੰ ਅਪਣੇ ਸਿੰਘਾਂ ਸਮੇਤ ਖੁਦ ਵੀ ਜੰਗੀ ਅਭਿਆਸ ਕਰਕੇ ਹੋਲਗੜ ਕਿਲੇ ਅੰਦਰ ਪਰਖਦੇ ਤੇ ਸਾਰੇ ਸੂਰਮੇ ਸਿੰਘਾਂ ਨੂੰ ਜੰਗ ਲਈ ਅਭਿਆਸ ਕਰਵਾਕੇ ਤਿਆਰ ਬਰ ਤਿਆਰ ਬਣਾਉਂਦੇ ਸਨ। ਜਿਨ੍ਹਾਂ ਵਿੱਚ ਗਰੀਬ ਦਬੇ ਕੁਚਲੇ ਪਛੜੀ ਸ਼੍ਰੇਣੀਆਂ ਤੋਂ ਸਿੰਘ ਸਜੇ ਮਰਜੀਵੜੇ ਅਪਣੀਆਂ ਜਾਨਾਂ ਵਾਰਨ ਲਈ ਅੱਗੇ ਆਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਜ਼ੁਲਮ ਨੂੰ ਰੋਕਣ ਲਈ ਸ਼ਾਂਤਮਈ ਤਰੀਕੇ ਨਾਲ ਦਿੱਤੀ ਕੁਰਬਾਨੀ ਤੋਂ ਬਾਅਦ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਜੰਗ ਛੇੜਣ ਲਈ ਅਨੰਦਪੁਰ ਸਾਹਿਬ ਵਿੱਚ ਪੰਜ ਕਿਲੇ ਉਸਾਰੇ। ਸ਼ਹਿਰ ਦੀ ਚਾਰ ਕਿਲਿਆਂ ਨਾਲ ਇੱਕ ਕਿਲਾਨੁਮਾ ਚਾਰਦਿਵਾਰੀ ਕਰਕੇ ਸਭਤੋਂ ਉੱਪਰ ਪਹਾੜ ਉੱਤੇ ਅਪਣੀ ਰਿਹਾਇਸ਼ ਕਿਲਾ ਅਨੰਦਗੜ ਸਾਹਿਬ ਬਣਵਾਇਆ। ਚਰਨ ਗੰਗਾ ਨਦੀ ਜੋ ਪਹਾੜ ਦੇ ਨਾਲੋਂ ਹੋਕੇ ਲੰਘਦੀ ਸੀ ਉਸਦੇ ਪਰਲੇ ਪਾਸੇ ਕਿਲਾ ਲੋਹਗੜ੍ਹ ਹੋਲਗੜ ਤਾਰਾਗੜ ਤੇ ਫਤਿਹਗੜ ਦਾ ਚਾਰ ਦਿਸ਼ਾਵਾਂ ਵਿੱਚ ਨਿਰਮਾਣ ਕਰਵਾਇਆ ਤੇ ਸ਼ਹਿਰ ਦੀ ਘੇਰਾਬੰਦੀ ਕਰਕੇ ਉਸਨੂੰ ਸੁਰੱਖਿਅਤ ਕੀਤਾ। ਚਰਨ ਗੰਗਾ ਨਦੀ ਨੂੰ ਜੰਗ ਸਮੇਂ ਤੇ ਸ਼ਹਿਰਵਾਸੀਆਂ ਦੀ ਰੋਜ਼ਾਨਾ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਚਾਰ ਦਿਵਾਰੀ ਅੰਦਰ ਰੱਖਿਆ। ਉਪਰਲੇ ਕਿਲੇ ਅਨੰਦਗੜ ਵਿੱਚ ਵੀ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਤਾਂ ਜੋ ਭਾਰੀ ਗਿਣਤੀ ਚ ਆਉਣ ਵਾਲੇ ਦੁਸ਼ਮਣਾਂ ਦੁਆਰਾ ਚਾਰਦਿਵਾਰੀ ਤੇ ਚਾਰੋਂ ਕਿਲਿਆਂ ਉੱਪਰ ਕਬਜ਼ਾ ਹੋਣ ਦੀ ਸੂਰਤ ਵਿੱਚ ਵੀ ਉਪਰਲੇ ਕਿਲੇ ਅੰਦਰ ਪਾਣੀ ਦੀ ਪੂਰਤੀ ਹੁੰਦੀ ਰਹੇ। ਇਹ ਸਾਰੀ ਸੇਵਾ ਉਹਨਾਂ ਕਰਮਾਂ ਵਾਲੇ ਤਰਖਾਣ ਲੁਹਾਰ ਦੀ ਕਿਰਤ ਕਰਨ ਵਾਲੇ ਗੁਰਸਿੱਖਾਂ ਦੇ ਹਿੱਸੇ ਆਈ ਜਿਨਾਂ ਵਿੱਚ ਬਾਬਾ ਹਰਦਾਸ ਸਿੰਘ ਬੰਮਰਾ, ਗਿਆਨੀ ਭਗਵਾਨ ਸਿੰਘ ਬੰਮਰਾ, ਭਾਈ ਨੱਥੂਰਾਮ ਲੋਟੇ, ਭਾਈ ਸਾਹਿਬ ਸਿੰਘ ਸਹਿਮੀ, ਭਾਈ ਅਨੰਦ ਸਿੰਘ ਤਰਖਾਣ, ਭਾਈ ਸੁੱਖਾ ਸਿੰਘ ਬਾਢੀ ਅਤੇ ਭਾਈ ਦੁੱਨਾ ਸਿੰਘ ਤਰਖਾਣ ਹੰਡੂਰੀਆ ਦਾ ਨਾਮ ਹੀ ਇਤਿਹਾਸ ਵਿੱਚ ਪਤਾ ਚੱਲਦਾ ਹੈ ਬਾਕੀ ਹੋਰ ਵੀ ਬਹੁਤ ਸਿੰਘ ਕਈ ਇਲਾਕਿਆਂ ਤੋਂ ਅਨੰਦਪੁਰ ਸਾਹਿਬ ਅੰਦਰ ਸੇਵਾ ਕਰਦੇ ਰਹੇ ਤੇ ਉਹਨਾਂ ਨੇ ਜੰਗ ਲੜਕੇ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ। ਇਸੇ ਲੋਹਗੜ੍ਹ ਕਿਲ੍ਹੇ ਤੇ ਮੁਗਲਾਂ ਪਹਾੜੀਆਂ ਨੇ ਮਸਤ ਸ਼ਰਾਬੀ ਹਾਥੀ ਚੜਾਕੇ ਭੇਜਿਆ ਤੇ ਫੌਲਾਦੀ ਨਾਗਣੀ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਬਲ ਸਦਕਾ ਹਾਥੀ ਦਾ ਮੱਥਾ ਲੋਹੇ ਦੀਆਂ ਤਵੀਆਂ ਚੀਰਕੇ ਪਾੜਿਆ ਤੇ ਉਸਨੂੰ ਪਿੱਛੇ ਦੁਸ਼ਮਣਾਂ ਵੱਲ ਹੀ ਮੋੜ ਦਿੱਤਾ।
Please log in to comment.