ਆਸਟ੍ਰੇਲੀਆ ਦੇ ਮੈਲਬੌਰਨ ਦੇ ਉੱਤਰੀ ਹਿੱਸੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਨਕਾਬਪੋਸ਼ ਚੋਰਾਂ ਨੇ ਇੱਕ ਸਿੱਖ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਐਂਗਲ ਗ੍ਰਾਈਂਡਰ ਦੀ ਮਦਦ ਨਾਲ ਪਹਿਲਾਂ ਦਰਵਾਜ਼ੇ ਦਾ ਤਾਲਾ ਵੱਢਿਆ ਅਤੇ ਫਿਰ ਗੋਲਕ ਕੱਟ ਕੇ ਨਕਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ, ਇਹ ਵਾਰਦਾਤ ਕੈਂਪਬੈਲਫੀਲਡ (Campbellfield) ਦੇ ਮੈਲਕਮ ਪਲੇਸ ਵਿਖੇ ਸਥਿਤ ‘ਸ੍ਰੀ ਗੁਰੂ ਰਵਿਦਾਸ ਸਭਾ ਆਸਟ੍ਰੇਲੀਆ’ ਗੁਰਦੁਆਰਾ ਸਾਹਿਬ ਵਿੱਚ ਸੋਮਵਾਰ, 29 ਦਸੰਬਰ ਰਾਤ ਕਰੀਬ 10:30 ਵਜੇ ਵਾਪਰੀ। ਦੋ ਨਕਾਬਪੋਸ਼ ਵਿਅਕਤੀ ਪਰਿਸਰ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ ਇੱਕ ਨੇ ਐਂਗਲ ਗ੍ਰਾਈਂਡਰ ਨਾਲ ਤਾਲਾ ਕੱਟਿਆ ਅਤੇ ਅੰਦਰ ਪ੍ਰਵੇਸ਼ ਕਰ ਗਿਆ। ਅੰਦਰ ਜਾ ਕੇ ਉਸਨੇ ਵੱਡੀ ਗੋਲਕ (donation box) ਵਿਚੋਂ ਲਗਭਗ 1,500 ਡਾਲਰ ਦੀ ਰਕਮ ਕੱਢ ਲਈ। ਇਸ ਤੋਂ ਬਾਅਦ ਦੋਵੇਂ ਚੋਰ ਇੱਕ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਿਊਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ (Hume Crime Investigation Unit) ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਇੱਕ ਸ਼ੱਕੀ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕਰਦੀਆਂ ਹੋਈਆਂ ਲੋਕਾਂ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। ਫੋਟੋਆਂ ਵਿੱਚ ਦਿੱਤੇ ਵਿਅਕਤੀ ਨੇ ਚਿੱਟੇ ਅੱਖਰਾਂ ਵਾਲੀ ਕਾਲੀ ਹੁੱਡੀ, ਟ੍ਰੈਕਸੂਟ ਪੈਂਟ, ਚਿੱਟੇ ਜੁੱਤੇ, ਕਾਲੀ ਟੋਪੀ, ਦਸਤਾਨੇ ਅਤੇ ਸੰਤਰੀ ਰੰਗ ਦਾ ਮਾਸਕ ਪਾਇਆ ਹੋਇਆ ਹੈ। ਪੁਲਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਇਸ ਚੋਰ ਬਾਰੇ ਜਾਣਕਾਰੀ ਹੈ ਜਾਂ ਕਿਸੇ ਨੇ ਇਸ ਖੇਤਰ ਦੀ ਸੀਸੀਟੀਵੀ/ਡੈਸ਼ਕੈਮ ਫੁਟੇਜ ਰਿਕਾਰਡ ਕੀਤੀ ਹੈ, ਤਾਂ ਉਹ ਕ੍ਰਾਈਮ ਸਟੌਪਰਸ (Crime Stoppers) ਨੂੰ 1800 333 000 ’ਤੇ ਤੁਰੰਤ ਸੰਪਰਕ ਕਰੇ।
Please log in to comment.