ਗੱਲ ਫ਼ਰਵਰੀ 1762 ਈਸਵੀ ਦੀ ਹੈ। ਸਿੱਖਾਂ ਦਾ ਇੱਕ ਵੱਡਾ ਦਲ, ਜਿਸ ਵਿੱਚ ਤਕਰੀਬਨ ਸਾਰੇ ਵੱਡੇ ਜਥੇਦਾਰ—ਬਾਬਾ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਜੈ ਸਿੰਘ ਘਨੱਈਆ, ਜੱਸਾ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਅਤੇ ਸਾਮ ਸਿੰਘ ਨਾਰਲੀਵਾਲਾ—ਸ਼ਾਮਲ ਸਨ, ਮਾਲਵੇ ਵੱਲ ਆ ਰਿਹਾ ਸੀ। ਇਸ ਦਲ ਦੇ ਨਾਲ ਵੱਡੀ ਗਿਣਤੀ ਵਿੱਚ ਵਹੀਰ ਵੀ ਸੀ। ਉਸ ਸਮੇਂ ਮਾਲਵੇ ਨੂੰ “ਜੰਗਲ ਦੇਸ” ਕਿਹਾ ਜਾਂਦਾ ਸੀ। ਸਿੰਘਾਂ ਦਾ ਮਕਸਦ ਇਹ ਸੀ ਕਿ ਵਹੀਰ ਨੂੰ ਇਸ ਜੰਗਲਾਤੀ ਇਲਾਕੇ ਵਿੱਚ ਸੁਰੱਖਿਅਤ ਥਾਂ ਛੱਡਿਆ ਜਾਵੇ। ਇਸ ਦੀ ਖ਼ਬਰ ਮਲੇਰਕੋਟਲੇ ਦੇ ਹਾਕਮਾਂ ਨੂੰ ਮਿਲ ਗਈ। ਉਹਨਾਂ ਨੇ ਸਰਹਿੰਦ ਤੋਂ ਜੈਨ ਖਾਨ ਨੂੰ ਬੁਲਾਇਆ ਅਤੇ ਨਾਲ ਹੀ ਦੂਤਾਂ ਰਾਹੀਂ ਲਾਹੌਰ ਅਹਿਮਦ ਸ਼ਾਹ ਅਬਦਾਲੀ ਨੂੰ ਚਿੱਠੀ ਭੇਜੀ ਕਿ ਖਾਲਸੇ ਦੇ ਸਾਰੇ ਵੱਡੇ ਜਥੇਦਾਰ ਅਤੇ ਉਨ੍ਹਾਂ ਦੇ ਬਾਲ-ਬੱਚੇ ਤੇ ਪਰਿਵਾਰ ਇਕੱਠੇ ਹਨ। ਜੇ ਤੂੰ ਖਾਲਸੇ ਨੂੰ ਖ਼ਤਮ ਕਰਨਾ ਚਾਹੁੰਦਾ ਹੈਂ ਤਾਂ ਤੁਰੰਤ ਵੱਡੀ ਫੌਜ ਲੈ ਕੇ ਮਲੇਰਕੋਟਲੇ ਵੱਲ ਆ ਜਾ, ਸਿੱਖ ਇਥੇ ਹੀ ਹਨ। ਇਹ ਖ਼ਬਰ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਆਪਣੇ ਮਸ਼ਹੂਰ ਜਰਨੈਲ ਜਹਾਨ ਖਾਨ ਅਤੇ ਸਰਬੁਲੰਦ ਖਾਨ ਨੂੰ ਨਾਲ ਲੈ ਕੇ ਵੱਡੀ ਫੌਜ ਸਮੇਤ ਤੇਜ਼ੀ ਨਾਲ ਪੰਜਾਬ ਵੱਲ ਚੱਲ ਪਿਆ। ਦੂਜੇ ਪਾਸੇ ਸਿੱਖਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਅਬਦਾਲੀ ਇਧਰ ਆ ਰਿਹਾ ਹੈ। ਜਦੋਂ ਸਿੱਖ ਮਲੇਰਕੋਟਲੇ ਦੇ ਨੇੜੇ ਪਹੁੰਚਣ ਲੱਗੇ ਤਾਂ ਜੈਨ ਖਾਨ ਅਤੇ ਮਲੇਰਕੋਟਲੇ ਦੀਆਂ ਫੌਜਾਂ ਨੇ ਅਚਾਨਕ ਹਮਲਾ ਕਰ ਦਿੱਤਾ। ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਨਾਲ ਹੀ ਇਹ ਫ਼ੈਸਲਾ ਕੀਤਾ ਕਿ ਵਹੀਰ ਨਾਲ ਹੋਣ ਕਰਕੇ ਲੁਧਿਆਣੇ ਵਾਲੇ ਪਾਸੇ ਮਾਝੇ ਵੱਲ ਨਿਕਲਿਆ ਜਾਵੇ। ਸਿੱਖਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸੇ ਪਾਸੇ ਤੋਂ ਅਬਦਾਲੀ ਦੀ ਫੌਜ ਵੀ ਆ ਰਹੀ ਹੈ। ਜਦੋਂ ਉਹ ਕੁਝ ਕੋਹ ਮੀਲ ਅੱਗੇ ਵਧੇ ਤਾਂ ਤਜਰਬੇਕਾਰ ਸਿੰਘਾਂ ਨੂੰ ਸ਼ੱਕ ਹੋਇਆ ਕਿ ਕੁਝ ਗੜਬੜ ਹੈ। ਇੰਨੇ ਵਿੱਚ ਹੀ ਅਬਦਾਲੀ ਦੀ ਫੌਜ ਸਿੱਖਾਂ ਉੱਤੇ ਆ ਪਈ। ਸਿੱਖ ਜਥੇਦਾਰ ਆਪ ਮੂਹਰੇ ਹੋ ਕੇ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨ ਲੱਗ ਪਏ। ਬਾਬਾ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਹੋਰ ਜਥੇਦਾਰਾਂ ਨੇ ਇਹ ਸੋਚ ਕੇ ਫ਼ੈਸਲਾ ਕੀਤਾ ਕਿ ਵਹੀਰ ਨੂੰ ਬਰਨਾਲੇ ਵੱਲ, ਬਾਬਾ ਆਲਾ ਸਿੰਘ ਦੇ ਇਲਾਕੇ ਵਿੱਚ ਭੇਜ ਦਿੱਤਾ ਜਾਵੇ, ਕਿਉਂਕਿ ਉਹ ਇਲਾਕਾ ਸੁਰੱਖਿਅਤ ਸੀ। ਉਹਨਾਂ ਦਾ ਨਾਅਰਾ ਸੀ—ਤੁਰਦੇ ਜਾਓ, ਲੜਦੇ ਜਾਓ; ਲੜਦੇ ਜਾਓ, ਤੁਰਦੇ ਜਾਓ। ਮਾਲਵੇ ਦੇ ਸਿੰਘਾਂ ਨੂੰ ਵਹੀਰ ਨਾਲ ਬਰਨਾਲੇ ਵੱਲ ਜਾਣ ਲਈ ਕਿਹਾ ਗਿਆ ਅਤੇ ਸਾਰੇ ਵੱਡੇ ਜਥੇਦਾਰ ਅਬਦਾਲੀ ਦੀ ਫੌਜ ਨਾਲ ਮੁਕਾਬਲੇ ਵਿੱਚ ਡਟ ਗਏ। ਉਹ ਹੌਲੀ-ਹੌਲੀ ਪਿੱਛੇ ਵੀ ਹਟਦੇ ਰਹੇ ਪਰ ਲੜਾਈ ਜਾਰੀ ਰੱਖੀ। ਬੰਦੂਕਾਂ ਭਰਦੇ, ਚਲਾਂਦੇ, ਫਿਰ ਪਿੱਛੇ ਹਟ ਕੇ ਮੁੜ ਭਰਦੇ—ਵੈਰੀ ਨੂੰ ਲਗਾਤਾਰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਵਹੀਰ ਹਾਲੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਜੈਨ ਖਾਨ ਅਤੇ ਮਲੇਰਕੋਟਲੇ ਦੀਆਂ ਫੌਜਾਂ ਨੇ ਵਹੀਰ ਉੱਤੇ ਹਮਲਾ ਕਰ ਦਿੱਤਾ। ਮਾਲਵੇ ਦੇ ਸਿੰਘ ਗਿਣਤੀ ਵਿੱਚ ਬਹੁਤ ਘੱਟ ਸਨ, ਇਸ ਲਈ ਜੈਨ ਖਾਨ ਦੀ ਫੌਜ ਵਹੀਰ ਦਾ ਕਤਲੇਆਮ ਕਰਨ ਲੱਗ ਪਈ। ਜਦੋਂ ਇਹ ਖ਼ਬਰ ਸਿੱਖਾਂ ਤੱਕ ਪਹੁੰਚੀ ਤਾਂ ਸਾਮ ਸਿੰਘ ਨਾਰਲੀਵਾਲਾ ਆਪਣਾ ਜਥਾ ਲੈ ਕੇ ਜੈਨ ਖਾਨ ਨੂੰ ਰੋਕਣ ਅਤੇ ਵਹੀਰ ਨੂੰ ਬਚਾਉਣ ਲਈ ਦੌੜ ਪਿਆ। ਸਾਮ ਸਿੰਘ ਨਾਰਲੀਵਾਲਾ ਇੱਕ ਮਹਾਨ ਜੰਗੀ ਜਰਨੈਲ ਸੀ। ਉਸ ਨੇ ਪਹੁੰਚਦਿਆਂ ਹੀ ਜੈਨ ਖਾਨ ਅਤੇ ਮਲੇਰਕੋਟਲੇ ਦੀ ਫੌਜ ਨੂੰ ਪਿੱਛੇ ਧੱਕ ਕੇ ਵਹੀਰ ਲਈ ਰਾਹ ਖੋਲ੍ਹ ਦਿੱਤਾ। ਵਹੀਰ ਹੌਲੀ-ਹੌਲੀ ਬਰਨਾਲੇ ਵੱਲ ਵਧਣ ਲੱਗ ਪਈ। ਇਧਰ, ਭਾਵੇਂ ਸਿੱਖ ਜਥੇਦਾਰ ਅਬਦਾਲੀ ਦੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਸਨ ਅਤੇ ਵੱਡਾ ਨੁਕਸਾਨ ਵੀ ਕਰ ਰਹੇ ਸਨ, ਪਰ ਜਦੋਂ ਹੋਰ ਹਰਾਵਲ ਦਸਤੇ ਆ ਪਹੁੰਚੇ ਅਤੇ ਜਹਾਨ ਖਾਨ ਤੇ ਸਰਬੁਲੰਦ ਖਾਨ ਨੇ ਜ਼ਬਰਦਸਤ ਹਮਲਾ ਕੀਤਾ ਤਾਂ ਸਿੱਖਾਂ ਦੇ ਪੈਰ ਉਖੜ ਗਏ। ਹੁਣ ਅਬਦਾਲੀ ਦੀ ਫੌਜ ਨੇ ਸਿੱਖਾਂ ਨੂੰ ਪਿੱਛੇ ਧੱਕ ਦਿੱਤਾ ਅਤੇ ਸਿੱਖ ਵਹੀਰ ਦੇ ਬਿਲਕੁਲ ਨੇੜੇ ਆ ਗਏ। ਇਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਪ ਘੋੜੇ ਉੱਤੇ ਸਵਾਰ ਹੋ ਕੇ ਵੱਡੇ ਫੌਜੀ ਦਸਤੇ ਸਮੇਤ ਜੰਗ ਦੇ ਮੈਦਾਨ ਵਿੱਚ ਆ ਵੜਿਆ। ਉਸ ਦੇ ਆਉਂਦੇ ਹੀ ਹਮਲਾ ਇੰਨਾ ਭਿਆਨਕ ਸੀ ਜਿਵੇਂ ਕੋਈ ਭਿਆਨਕ ਝੱਖੜ ਜਾਂ ਤੂਫ਼ਾਨ ਆ ਗਿਆ ਹੋਵੇ। ਚਾਰੇ ਪਾਸੇ ਧੂੜ-ਮਿੱਟੀ ਉੱਡ ਰਹੀ ਸੀ, ਕੁਝ ਵੀ ਸਾਫ਼ ਦਿਸ ਨਹੀਂ ਰਿਹਾ ਸੀ। ਸਿੱਖ ਉਸ ਸਮੇਂ ਆਟੇ ਵਿੱਚ ਲੂਣ ਵਾਂਗ ਲੱਗ ਰਹੇ ਸਨ, ਪਰ ਖਾਲਸਾ ਕਿਸੇ ਵੀ ਕੀਮਤ ‘ਤੇ ਹਾਰ ਮੰਨਣ ਵਾਲਾ ਨਹੀਂ ਸੀ। ਸਿੰਘ ਆਪਣੇ ਧਰਮ ਅਤੇ ਆਪਣੀ ਹੋਂਦ ਬਚਾਉਣ ਲਈ ਲੜ ਰਹੇ ਸਨ। ਜਿੱਥੇ ਅਬਦਾਲੀ ਦੀ ਫੌਜ ਦਾ ਸਭ ਤੋਂ ਵੱਧ ਦਬਾਅ ਸੀ, ਓਥੇ ਐਨ ਅਬਦਾਲੀ ਦੇ ਸਾਹਮਣੇ ਖਾਲਸੇ ਦਾ ਜਥੇਦਾਰ ‘ਸੁਲਤਾਨ-ਉਲ-ਕੌਮ’ ਸ੍ਰੀ ਜੱਸਾ ਸਿੰਘ ਆਹਲੂਵਾਲੀਆ ਡਟ ਕੇ ਲੜ ਰਿਹਾ ਸੀ। ਬਾਕੀ ਜਥੇਦਾਰਾਂ ਨੇ ਵੀ ਅਬਦਾਲੀ ਦੀ ਫੌਜ ਨੂੰ ਰੋਕ ਰੱਖਿਆ ਹੋਇਆ ਸੀ। ਸਾਰੇ ਜਥੇਦਾਰ ਗੁੱਸੇ ਨਾਲ ਭਰਪੂਰ ਸਨ। ਕਚੀਚੀਆਂ ਵੱਟ ਕੇ ਬੰਦੂਕਾਂ, ਤੀਰਾਂ ਅਤੇ ਤਲਵਾਰਾਂ ਨਾਲ ਅਬਦਾਲੀ ਦੀ ਫੌਜ ਉੱਤੇ ਹਮਲੇ ਕਰ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਰਹੇ ਸਨ, ਪਰ ਫਿਰ ਵੀ ਕੋਈ ਵੱਸ ਨਹੀਂ ਚੱਲ ਰਿਹਾ ਸੀ। ਅਬਦਾਲੀ ਦੀ ਫੌਜ ਸਮੁੰਦਰ ਵਾਂਗ ਵਿਸ਼ਾਲ ਸੀ—ਸਿੱਖ ਉਸਨੂੰ ਮਾਰ ਰਹੇ ਸਨ ਪਰ ਉਹ ਸਮੁੰਦਰ ਦੀਆਂ ਲਹਿਰਾਂ ਵਾਂਗ ਮੁੜ ਮੁੜ ਆ ਰਹੀ ਸੀ। (ਬਾਕੀ ਅਗਲੇ ਭਾਗ ਚ) ✍️ ਮਾਲਵਿੰਦਰ ਸਿੰਘ ਬਮਾਲ
Please log in to comment.
ਅਹਿਮਦ ਸ਼ਾਹ ਅਬਦਾਲੀ ਨੂੰ ਸਭ ਤੋਂ ਵੱਧ ਨੁਕਸਾਨ ਸਿੱਖਾਂ ਨੇ ਹੀ ਪਹੁੰਚਾਇਆ ਸੀ। ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ...
Please Install App To Read This Part