Skip to content
Nitnama app icon Nitnama.
Back to community

ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ

ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ
ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਿਰਫ਼ ਇੱਕ ਇਮਾਰਤ ਵਜੋਂ ਨਹੀਂ, ਸਗੋਂ ਇੱਕ ਮਹਾਨ ਸਿਧਾਂਤ ਅਤੇ ਅਦੁੱਤੇ ਸੰਕਲਪ ਵਜੋਂ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਅਕਾਲ ਪੁਰਖ ਦੇ ਸਰੂਪ ਨੂੰ ਸਮਝਣਾ ਜ਼ਰੂਰੀ ਹੈ। ਅਕਾਲ ਪੁਰਖ ਨਿਰਲੇਪ, ਨਿਰਾਕਾਰ, ਨਿਰਭਉ, ਨਿਰਵੈਰ ਅਤੇ ਸਰਬ ਵਿਆਪੀ ਹਸਤੀ ਹੈ। ਉਹ ਕਾਲ ਤੋਂ ਪਰੇ ਹੈ ਅਤੇ ਸਾਰੀ ਰਚਨਾ ਦਾ ਮਾਲਕ ਹੈ। ਗੁਰੂ ਸਾਹਿਬਾਨ ਦੇ ਸਮੇਂ ਭਾਰਤ ਵਿੱਚ ਸੱਚ, ਧਰਮ ਅਤੇ ਨਿਆਂ ਦੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀ। ਜਬਰ, ਜ਼ੁਲਮ ਅਤੇ ਤਾਕਤ ਦਾ ਰਾਜ ਸੀ। ਗੁਰੂ ਅਰਜਨ ਦੇਵ ਜੀ ਵਰਗੇ ਸ਼ਾਂਤੀ ਦੇ ਸਰੂਪ, ਸਰਬ ਸਾਂਝੇ ਧਰਮ ਦੇ ਰਹਿਬਰ ਅਤੇ ਸਮੂਹ ਮਨੁੱਖਤਾ ਦਾ ਭਲਾ ਮੰਗਣ ਵਾਲੇ ਮਹਾਂਪੁਰਖ ਨੂੰ ਬਿਨਾਂ ਕਿਸੇ ਦੋਸ਼ ਅਤੇ ਬਿਨਾਂ ਕਿਸੇ ਇਨਸਾਫ਼ੀ ਸੁਣਵਾਈ ਦੇ ਲਾਹੌਰ ਵਿੱਚ ਅਸਹਿਣਯੋਗ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਜਦੋਂ ਗੁਰੂ ਸਾਹਿਬ ਵਰਗੇ ਮਹਾਨ ਪੁਰਖ ਨਾਲ ਇਹ ਅਨਿਆਇ ਹੋਇਆ, ਤਾਂ ਆਮ ਮਨੁੱਖ ਨੂੰ ਇਨਸਾਫ਼ ਕਿੱਥੋਂ ਮਿਲਣਾ ਸੀ? ਗੁਰੂ ਸਾਹਿਬ ਅਤੇ ਆਮ ਮਨੁੱਖ ਵਿੱਚ ਇੱਕ ਵੱਡਾ ਅੰਤਰ ਸੀ। ਗੁਰੂ ਸਾਹਿਬ ਅਕਾਲ ਪੁਰਖ ਦੇ ਤਖਤ ਨਾਲ ਜੁੜੇ ਹੋਏ ਸਨ। ਉਹ ਹਰ ਕਾਰਜ ਅਕਾਲ ਪੁਰਖ ਦੇ ਹੁਕਮ ਅਤੇ ਰਜ਼ਾ ਵਿੱਚ ਰਹਿ ਕੇ ਕਰਦੇ ਸਨ। ਇਸੇ ਲਈ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦਾ ਭਾਣਾ ਮਿੱਠਾ ਮੰਨਦਿਆਂ ਸ਼ਾਂਤ, ਅਡੋਲ ਅਤੇ ਚੜ੍ਹਦੀ ਕਲਾ ਵਿੱਚ ਆਪਣੀ ਸ਼ਹਾਦਤ ਕਬੂਲ ਕੀਤੀ। ਇਸ ਤੋਂ ਬਾਅਦ ਸਮਾਂ ਆਇਆ ਛੇਵੇਂ ਪਾਤਸ਼ਾਹ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ। ਗੁਰਗੱਦੀ ਸੰਭਾਲਣ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੁਰਾਤਨ ਰੀਤਾਂ ਦੀ ਥਾਂ ਦੋ ਤਲਵਾਰਾਂ ਧਾਰਨ ਕੀਤੀਆਂ। ਇਹ ਦੋ ਤਲਵਾਰਾਂ ਮੀਰੀ ਅਤੇ ਪੀਰੀ ਦਾ ਪ੍ਰਤੀਕ ਸਨ। ਪੀਰੀ ਆਤਮਿਕ ਸ਼ਕਤੀ ਨੂੰ ਦਰਸਾਉਂਦੀ ਸੀ ਅਤੇ ਮੀਰੀ ਸੰਸਾਰਕ ਜ਼ਿੰਮੇਵਾਰੀ ਅਤੇ ਨਿਆਂ ਲਈ ਖੜ੍ਹੇ ਹੋਣ ਦੀ ਨਿਸ਼ਾਨੀ ਸੀ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਜ਼ੁਲਮ ਅਤੇ ਅਨਿਆਇ ਦਾ ਟਾਕਰਾ ਕਰਨ ਲਈ ਸ਼ਸਤਰ ਵਿਦਿਆ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਸਿੱਖ ਪਹਿਲਾਂ ਹੀ ਸ਼ਬਦ ਨਾਲ ਜੁੜੇ ਹੋਏ ਸਨ, ਹੁਣ ਸ਼ਸਤਰ ਵੀ ਸਿੱਖੀ ਦੀ ਮਰਿਆਦਾ ਦਾ ਅਹਿਮ ਹਿੱਸਾ ਬਣ ਗਿਆ। ਗੁਰੂ ਘਰ ਵਿੱਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਨਿਆਂ ਦੀ ਪ੍ਰਣਾਲੀ ਵੀ ਕਾਇਮ ਹੋਈ, ਕਿਉਂਕਿ ਸਿੱਖਾਂ ਨੂੰ ਮੁਗਲ ਹਕੂਮਤ, ਉਸਦੇ ਅਹਿਲਕਾਰਾਂ ਅਤੇ ਅਦਾਲਤਾਂ ਤੋਂ ਸੱਚੇ ਨਿਆਂ ਦੀ ਕੋਈ ਉਮੀਦ ਨਹੀਂ ਰਹੀ ਸੀ। ਗੁਰੂ ਸਾਹਿਬ ਦੇ ਦਰਬਾਰ ਵਿੱਚ ਗੁਰਮਤਿ ਵਿਚਾਰਧਾਰਾ, ਸੰਗਤ ਦੀ ਆਵਾਜ਼, ਮਨੁੱਖਤਾ ਦੀ ਜ਼ਮੀਰ ਅਤੇ ਧਰਮ-ਨਿਆਂ ਦੇ ਅਧਾਰ ਤੇ ਸਿੱਖਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਫ਼ੈਸਲੇ ਹੋਣ ਲੱਗੇ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਿੱਲੀ ਦੇ ਤਖਤ ਦੇ ਮੁਕਾਬਲੇ ਇੱਕ ਉੱਚਾ, ਸੁੱਚਾ ਅਤੇ ਸਦਾ ਕਾਇਮ ਰਹਿਣ ਵਾਲਾ ਅਕਾਲ ਦਾ ਤਖਤ ਸਿਰਜ ਕੇ ਦੁਨੀਆ ਅੱਗੇ ਇਕ ਅਨੋਖੀ ਮਿਸਾਲ ਕਾਇਮ ਕੀਤੀ। “ਤਖਤ” ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਬੈਠਣ ਦੀ ਥਾਂ ਜਾਂ ਰਾਜ ਸਿੰਘਾਸਨ। ਸਿੱਖ ਪਰੰਪਰਾ ਵਿੱਚ ਤਖਤ ਸੱਤਾ, ਜ਼ਿੰਮੇਵਾਰੀ ਅਤੇ ਅਗਵਾਈ ਦਾ ਪ੍ਰਤੀਕ ਹੈ। ਇਸ ਵਿੱਚ ਰੂਹਾਨੀ ਅਤੇ ਸੰਸਾਰਕ ਦੋਵੇਂ ਪੱਖ ਸ਼ਾਮਿਲ ਹਨ। ਸਿੱਖ ਪੰਥ ਦੇ ਪੰਜ ਤਖਤਾਂ ਨੂੰ ਉੱਚਾ ਸਤਿਕਾਰ ਪ੍ਰਾਪਤ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਭ ਤੋਂ ਵੱਖਰੀ ਅਤੇ ਕੇਂਦਰੀ ਹੈ। ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੀ ਸ਼ਾਨ, ਅਜ਼ਾਦ ਹਸਤੀ ਅਤੇ ਅਕਾਲ ਪੁਰਖ ਦੀ ਸੱਤਾ ਦਾ ਪ੍ਰਤੀਕ ਹੈ। ਸਮੁੱਚੀ ਸਿੱਖ ਕੌਮ ਨਾਲ ਜੁੜੇ ਮਹੱਤਵਪੂਰਨ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵਿਚਾਰੇ ਜਾਂਦੇ ਹਨ। ਇੱਥੋਂ ਗੁਰਮੱਤੇ ਦੇ ਰੂਪ ਵਿੱਚ ਲਏ ਫ਼ੈਸਲੇ ਪੂਰੀ ਸਿੱਖ ਕੌਮ ਲਈ ਮਾਰਗਦਰਸ਼ਕ ਮੰਨੇ ਜਾਂਦੇ ਹਨ। ਆਮ ਤੌਰ ਤੇ ਸਰਬੱਤ ਖਾਲਸੇ ਦਾ ਬੁਲਾਵਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਹੁੰਦਾ ਹੈ। ਬਾਕੀ ਚਾਰ ਤਖਤਾਂ ਉੱਤੇ ਜ਼ਿਆਦਾਤਰ ਸੰਬੰਧਿਤ ਇਲਾਕਿਆਂ ਦੇ ਮਸਲੇ ਵਿਚਾਰੇ ਜਾਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਧਾਰਮਿਕ ਸਰਵਉੱਚਤਾ ਦਾ ਮੁੱਢਲਾ ਤਖਤ ਹੈ ਅਤੇ ਸਿੱਖ ਰਾਜਸੀ ਚੇਤਨਾ ਦਾ ਕੇਂਦਰੀ ਸਥਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1609 ਈਸਵੀ ਵਿੱਚ ਕਰਵਾਇਆ। ਪਹਿਲਾਂ ਇਸਦਾ ਨਾਮ “ਅਕਾਲ ਬੁੰਗਾ” ਰੱਖਿਆ ਗਿਆ ਸੀ। ਇਸ ਅਸਥਾਨ ਉੱਤੇ ਗੁਰੂ ਸਾਹਿਬ ਸ਼ਾਮ ਵੇਲੇ ਸਿੰਘਾਸਨ ਲਗਾਉਂਦੇ, ਖੁੱਲ੍ਹੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਯੁੱਧ-ਕਲਾਵਾਂ ਕਰਵਾਉਂਦੇ ਅਤੇ ਸਿੱਖਾਂ ਨੂੰ ਸ਼ਸਤਰ ਅਭਿਆਸ ਕਰਵਾਇਆ ਜਾਂਦਾ। ਇੱਥੇ ਦੀਵਾਨ ਸਜਦੇ, ਢਾਡੀ ਬੀਰ-ਰਸ ਵਾਲੀਆਂ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼, ਹੌਸਲਾ ਅਤੇ ਧਰਮ ਲਈ ਖੜ੍ਹੇ ਹੋਣ ਦੀ ਭਾਵਨਾ ਪੈਦਾ ਕਰਦੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ ਮੁੱਖ ਉਦੇਸ਼ ਇਹ ਸੀ ਕਿ ਸਿੱਖ ਆਤਮਿਕ ਤੌਰ ਤੇ ਮਜ਼ਬੂਤ ਹੋਣ ਦੇ ਨਾਲ-ਨਾਲ ਆਪਣੀ ਅਤੇ ਦੂਜਿਆਂ ਦੀ ਰੱਖਿਆ ਲਈ ਵੀ ਤਿਆਰ ਰਹਿਣ। ਇਹ ਤਖਤ ਦੁਨੀਆਵੀ ਰਾਜਸੀ ਤਖਤਾਂ ਜਾਂ ਅਦਾਲਤਾਂ ਵਰਗਾ ਨਹੀਂ। ਇਸਦਾ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰਮਤਿ ਦੀ ਸੋਚ ਅਤੇ ਧਰਮਕ ਨਿਆਂ ਹੈ। ਸਿੱਖੀ ਵਿੱਚ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ ਗਿਆ ਹੈ। ਇਸੇ ਸੰਕਲਪ ਨੂੰ ਦਰਸਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ ਝੁਲਦੇ ਹਨ। ਇਹ ਮੀਰੀ ਅਤੇ ਪੀਰੀ ਦੇ ਪ੍ਰਤੀਕ ਹਨ। ਪੀਰੀ ਦਾ ਨਿਸ਼ਾਨ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵੱਲ ਹੈ ਅਤੇ ਮੀਰੀ ਦਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੈ। ਮੀਰੀ ਦਾ ਨਿਸ਼ਾਨ ਪੀਰੀ ਦੇ ਨਿਸ਼ਾਨ ਤੋਂ ਨੀਵਾਂ ਹੈ, ਜੋ ਇਹ ਦਰਸਾਉਂਦਾ ਹੈ ਕਿ ਰਾਜ ਸ਼ਕਤੀ ਹਮੇਸ਼ਾ ਧਰਮ ਦੇ ਅਧੀਨ ਰਹਿਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਨਿਸ਼ਚਿਤ ਕੀਤੀ। ਇਸਦੀ ਉਸਾਰੀ ਵਿੱਚ ਕਿਸੇ ਰਾਜ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ, ਸਗੋਂ ਪੰਥ ਦੇ ਮਹਾਨ ਸਤਿਕਾਰਯੋਗ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥਾਂ ਨਾਲ ਇਸ ਅਸਥਾਨ ਦੀ ਉਸਾਰੀ ਵਿੱਚ ਸੇਵਾ ਕੀਤੀ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ-ਸੰਭਾਲ ਅਤੇ ਪ੍ਰਬੰਧ ਲਈ ਭਾਈ ਗੁਰਦਾਸ ਜੀ ਨੂੰ ਜ਼ਿੰਮੇਵਾਰੀ ਸੌਂਪੀ। ਅੱਜ ਵੀ ਸਿੱਖ ਭਾਵੇਂ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦਾ ਹੋਵੇ, ਉਸਦੀ ਰੂਹਾਨੀ ਅਤੇ ਪੰਥਕ ਨਿਸ਼ਠਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੀ ਰਹਿੰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਪੂਰੇ ਪੰਥ ਲਈ ਮਾਰਗਦਰਸ਼ਨ, ਏਕਤਾ ਅਤੇ ਪੰਥਕ ਚੜ੍ਹਦੀ ਕਲਾ ਦਾ ਕੇਂਦਰ ਹੈ। ਇਹ ਗੱਲ ਵੀ ਸਮਝਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਸੇਵਾ ਲਾਈ ਜਾਂਦੀ ਹੈ। ਇਸਦਾ ਮਕਸਦ ਬਦਲਾ ਲੈਣਾ ਨਹੀਂ, ਸਗੋਂ ਮਨੁੱਖ ਦੀ ਦੁਰਮਤ ਦੂਰ ਕਰਨੀ, ਉਸਦੀ ਆਤਮਾ ਦਾ ਵਿਕਾਸ ਕਰਨਾ, ਗੁਰਮਤਿ ਦ੍ਰਿੜ ਕਰਵਾਉਣਾ ਅਤੇ ਉਸਨੂੰ ਮੁੜ ਗੁਰੂ ਪੰਥ ਨਾਲ ਜੋੜਨਾ ਹੁੰਦਾ ਹੈ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮਨੁੱਖ ਦੇ ਸੁਧਾਰ ਅਤੇ ਕਲਿਆਣ ਲਈ ਹੁੰਦਾ ਹੈ। ਸੋ ਆਓ, ਅਸੀਂ ਆਪਣੀ ਜ਼ਿੰਦਗੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨਾਲ ਜੋੜੀਏ। ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਆਪਸੀ ਵੈਰ-ਵਿਰੋਧ, ਵੰਡਾਂ ਅਤੇ ਅਹੰਕਾਰ ਨੂੰ ਛੱਡੀਏ ਅਤੇ ਪੰਥ ਦੀ ਏਕਤਾ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕੰਮ ਕਰੀਏ।
Like Save

Join the conversation

Loading comments…

Sign in to comment or join the discussion.

More from the community

You may also enjoy these stories

अमृत ​​वेले का हुक्मनामा - 01 अप्रैल 2026

अंग: 666रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै... Read more

Like Save

ज्योति ज्योत गुरुपुरब श्री गुरु गोबिंद सिंह जी

श्री गुरु गोबिंद सिंह जी महाराज — बादशाह दरवेश मुहम्मद लतीफ़ लिखते हैं: “गुरु गोबिंद सिंह जी धार्मिक गद्दी पर बैठे हुए एक आध्यात्मिक मार्गदर्शक, राजसिंहासन पर बैठे हुए शहंशाहों के शहंशाह, युद्ध के मैदान में एक महान योद्धा और संगत में बैठे हुए एक फ़कीर दिखाई देते थे।” भले ही... Read more

ज्योति ज्योत गुरुपुरब श्री गुरु गोबिंद सिंह जी
Like Save