Nitnama Nitnama
Profile Image
Nitnama
4 months ago

ਸ਼ਹੀਦੀ ਦਿਹਾੜਾ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ

ਪਿੰਡ ਕਿਰਿਆਲਾ ਜ਼ਿਲ੍ਹਾ ਜੇਹਲਮ ਦੇ ਵਸਨੀਕ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਜਤੀ ਦਾਸ ਦੇ ਭਰਾ ਅਤੇ ਭਾਈ ਪਰਾਗਾ ਦੇ ਸਪੁੱਤਰ ਸਨ, ਜੋ ਗੁਰੂ ਹਰਿਗੋਬਿੰਦ ਸਾਹਿਬ ਦੀ ਫੌਜ ਦੇ ਜਥੇਦਾਰ ਸੀ। ਜਦੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਆਪਣੇ ਪਿਤਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਮੁੜ ਕੇ ਵਾਪਸ ਨਹੀਂ ਗਏ, ਗੁਰੂ ਸੇਵਾ ਵਿੱਚ ਲੱਗ ਗਏ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣਾ ਦੀਵਾਨ ਬਣਾ ਲਿਆ — ਭਾਈ ਮਤੀ ਦਾਸ ਦਰਬਾਰੀ ਦੀਵਾਨ ਅਤੇ ਭਾਈ ਸਤੀ ਦਾਸ ਘਰ-ਬਾਰੀ ਦੀਵਾਨ। ਜਦ ਗੁਰੂ ਤੇਗ ਬਹਾਦਰ ਸਾਹਿਬ ਬਿਹਾਰ, ਬੰਗਾਲ ਤੇ ਅਸਾਮ ਪ੍ਰਚਾਰ ਦੌਰਿਆਂ ਤੇ ਗਏ ਤਾਂ ਇਹ ਤਿੰਨੇ — ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ (ਜੋ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ) — ਗੁਰੂ ਸਾਹਿਬ ਦੇ ਨਾਲ ਸਨ। ਭਾਈ ਸਤੀ ਦਾਸ ਫ਼ਾਰਸੀ ਦੇ ਅੱਛੇ ਲਿਖਾਰੀ ਸਨ ਅਤੇ ਗੁਰੂ ਸਾਹਿਬ ਦਾ ਲਿਖਣ-ਪੜ੍ਹਨ ਦਾ ਕੰਮ ਕਰਦੇ — ਚਿੱਠੀ-ਪੱਤਰ, ਹੁਕਮਨਾਮੇ ਆਦਿ। ਇਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਸੰਭਾਲਣ ਦਾ ਵੀ ਉਪਰਾਲਾ ਕੀਤਾ। ਜਦ ਗੁਰੂ ਸਾਹਿਬ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਸ਼ਹੀਦ ਹੋਣ ਵਾਸਤੇ ਦਿੱਲੀ ਆਏ ਤਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿਤਾ, ਭਾਈ ਉਦੈ ਸਿੰਘ ਤੇ ਭਾਈ ਜੈਤਾ ਜੀ ਉਹਨਾਂ ਦੇ ਨਾਲ ਦਿੱਲੀ ਆ ਗਏ। ਜਦੋਂ ਮੁਗਲ ਹਕੂਮਤ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਤਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਉਹਨਾਂ ਦੇ ਕੋਲ ਹੀ ਰਹੇ। ਭਾਈ ਗੁਰਦਿਤਾ ਜੀ ਨੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਦੇ ਕੇ ਭੇਜ ਦਿੱਤਾ। ਭਾਈ ਜੈਤਾ ਜੀ ਤੇ ਭਾਈ ਉਦੈ ਸਿੰਘ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸ਼ਹਾਦਤ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਲਈ ਸਾਰੇ ਸ਼ਹਿਰ ਵਿੱਚ ਢੋਲ ਪਿਟਵਾਇਆ ਗਿਆ। ਭਾਰੀ ਗਿਣਤੀ ਵਿੱਚ ਲੋਕ ਇੱਕੱਠੇ ਹੋ ਗਏ। ਗੁਰੂ ਸਾਹਿਬ ਨੂੰ ਡਰਾਉਣ ਲਈ ਪਹਿਲਾਂ ਭਾਈ ਮਤੀ ਦਾਸ ਨੂੰ ਮੁਸਲਮਾਨ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ ਕਾਜ਼ੀ ਨੇ ਆਰਿਆਂ ਨਾਲ ਦੋ ਫਾੜ ਕਰਨ ਦਾ ਹੁਕਮ ਸੁਣਾ ਦਿੱਤਾ। ਭਾਈ ਸਾਹਿਬ ਨੇ ਦੁਨਿਆਵੀ ਸੁਖਾਂ ਤੇ ਲਾਲਚ ਠੁਕਰਾ ਕੇ ਸ਼ਹਾਦਤ ਦਾ ਰਾਹ ਚੁਣਿਆ। ਆਖ਼ਰੀ ਇੱਛਾ ਪੁੱਛੀ ਗਈ ਤਾਂ ਭਾਈ ਮਤੀ ਦਾਸ ਨੇ ਕਿਹਾ ਕਿ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦੇਣਾ। ਸੀਸ ‘ਤੇ ਆਰਾ ਚੱਲਣ ਲੱਗਾ, ਲਹੂ ਦੀਆਂ ਧਾਰਾਂ ਦੂਰ ਦੂਰ ਤੱਕ ਵਗਣ ਲੱਗੀਆਂ ਪਰ ਉਹਨਾਂ ਦੀ ਸਮਾਧੀ ਭੰਗ ਨਾ ਹੋਈ। ਸਤਿਗੁਰ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਸ਼ਹੀਦ ਹੋ ਗਏ। ਦੇਖਣ ਵਾਲੇ ਲੋਕ ਹੈਰਾਨ ਸਨ — ਇਹੋ ਜਿਹੀ ਮੌਤ ਪਹਿਲਾਂ ਕਿਸੇ ਨੇ ਨਹੀਂ ਵੇਖੀ ਸੀ। ਭਾਈ ਸਤੀ ਦਾਸ ਨੂੰ ਰੋਈ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਤੇ ਉਹ ਵੀ ਵਾਹਿਗੁਰੂ ਦਾ ਸ਼ੁਕਰ ਮਨਾਉਂਦੇ ਹੱਸਦੇ ਹੱਸਦੇ ਸ਼ਹੀਦ ਹੋ ਗਏ। 🔹 ਭਾਈ ਦਿਆਲਾ ਜੀ ਭਾਈ ਦਿਆਲਾ ਜੀ ਦਾ ਜਨਮ ਮਨਸੂਰਪੁਰ ਜ਼ਿਲ੍ਹਾ ਮੁਜ਼ਫ਼ਰਗੜ੍ਹ ਵਿੱਚ ਭਾਈ ਮਾਈ ਦਾਸ ਦੇ ਗ੍ਰਿਹ ਵਿਖੇ ਹੋਇਆ। ਜਦ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਪੂਰਬਲਾ ਪ੍ਰਚਾਰ ਦੌਰਾ ਕਰ ਰਹੇ ਸਨ ਤਾਂ ਭਾਈ ਦਿਆਲਾ ਜੀ ਉਹਨਾਂ ਦੇ ਨਾਲ ਸਨ। ਪਟਨਾ ਸਾਹਿਬ ਪਹੁੰਚ ਕੇ ਪਰਿਵਾਰ ਨੂੰ ਉੱਥੇ ਹੀ ਰਹਿਣ ਦਾ ਹੁਕਮ ਦਿੱਤਾ ਤੇ ਆਪ ਅਸਾਮ ਵੱਲ ਅੱਗੇ ਚਲ ਪਏ। ਪਟਨਾ ਸਾਹਿਬ ਵਿਖੇ ਗੁਰੂ ਪਰਿਵਾਰ ਦੀ ਜ਼ਿੰਮੇਵਾਰੀ ਭਾਈ ਦਿਆਲਾ ਜੀ ਨੂੰ ਸੌਂਪੀ ਗਈ। ਆਪ ਨਾਮ-ਬਾਣੀ ਦੇ ਰਸੀਆ, ਨਿੱਡਰ, ਨੇਕ, ਇਮਾਨਦਾਰ, ਬ੍ਰਹਮਗਿਆਨੀ ਤੇ ਪੂਰਨ ਸਿੱਖ ਸਨ। ਜਦ ਔਰੰਗਜ਼ੇਬ ਨੇ ਹਿੰਦੂਆਂ ‘ਤੇ ਜ਼ੁਲਮ ਦਾ ਦੌਰ ਸ਼ੁਰੂ ਕੀਤਾ ਤਾਂ ਲੋੜ ਸੀ ਕਿਸੇ ਅਜਿਹੇ ਦੀ ਜੋ ਜ਼ਾਲਮਾਂ ਦਾ ਟਾਕਰਾ ਕਰ ਸਕੇ, ਲੋਕਾਂ ਨੂੰ ਹਿੰਮਤ ਦੇ ਸਕੇ ਅਤੇ ਮਜ਼ਲੂਮਾਂ ਦਾ ਸਾਥ ਦੇ ਸਕੇ। ਗੁਰੂ ਤੇਗ ਬਹਾਦਰ ਸਾਹਿਬ ਜਲਦੀ ਜਲਦੀ ਅਸਾਮ ਦਾ ਦੌਰਾ ਮੁਕਾ ਕੇ ਪੰਜਾਬ ਵਾਪਸ ਆਏ — ਇੰਨੀ ਜਲਦੀ ਕਿ ਆਪਣੇ ਪਰਿਵਾਰ ਨੂੰ ਮਿਲਣ ਤੱਕ ਵੀ ਨਹੀਂ ਜਾ ਸਕੇ। ਭਾਈ ਦਿਆਲਾ ਜੀ ਨੂੰ ਹੁਕਮ ਭੇਜਿਆ ਕਿ ਗੁਰੂ ਪਰਿਵਾਰ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਪਹੁੰਚਣਾ। ਜਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜਿਆ ਗਿਆ ਤਾਂ ਭਾਈ ਦਿਆਲਾ ਜੀ ਗੁਰੂ ਸਾਹਿਬ ਦੇ ਨਾਲ ਸਨ। ਸ਼ਾਹੀਦੀ ਤੋਂ ਇਕ ਦਿਨ ਪਹਿਲਾਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਬਿਠਾਇਆ ਗਿਆ ਅਤੇ ਹੇਠਾਂ ਅੱਗ ਜਲਾ ਦਿੱਤੀ ਗਈ। ਆਪ ਅੰਤਲੇ ਸੁਆਸ ਤੱਕ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਉਬਲਦੇ ਪਾਣੀ ਵਿੱਚ ਸਰੀਰ ਸੜਦਾ ਰਿਹਾ ਪਰ ਸਿਖੀ ਤੋਂ ਮੁੰਹ ਨਹੀਂ ਮੋੜਿਆ ਅਤੇ ਸ਼ਹੀਦ ਹੋ ਗਏ।

Please log in to comment.