ਬਾਪੂ ਜੀ ਅਕਸਰ ਹੀ ਦੱਸਿਆ ਕਰਦਾ ਸੀ ਕੇ ਮੇਰੇ ਦਾਦੇ ਨੂੰ ਜਮੀਨ ਦੀ ਵੰਡ ਵੰਡਾਈ ਦੇ ਚੱਕਰ ਵਿਚ ਜਾਨੋਂ ਮਾਰਨ ਤੋਂ ਪਹਿਲਾਂ ਓਹਨਾ ਬੜੇ ਹੀ ਜਿਆਦਾ ਤਸੀਹੇ ਦਿੱਤੇ..! ਇੱਕ ਦਿਨ ਜਦੋਂ ਕਚਹਿਰੀਆਂ ਵਿਚ ਤਰੀਖ ਭੁਗਤਣ ਆਏ ਸ਼ਰੀਕਾਂ ਨਾਲ ਉਸਦੀ ਅੱਖ ਮਿੱਲੀ ਤਾਂ ਮੇਰੇ ਦਾਦੇ ਦੀ ਲਹੂ ਭਿਜੀ ਲੋਥ ਉਸਦੀਆਂ ਅੱਖਾਂ ਅੱਗੇ ਆ ਗਈ.. ਨਾਲ ਹੀ ਉਸਦੀ ਭੋਏਂ ਤੇ ਡਿੱਗੀ ਘੱਟੇ ਮਿੱਟੀ ਨਾਲ ਪੂਰੀ ਤਰਾਂ ਲਿੱਬੜੀ ਹੋਈ ਪੱਗ ਦਾ ਚੇਤਾ ਆ ਗਿਆ.. ਖੂਨ ਉਬਾਲੇ ਮਾਰਨ ਲੱਗਾ! ਇਹ ਸਭ ਕੁਝ ਸੋਚ ਬਾਪੂ ਜੀ ਦਾ ਸੱਜਾ ਹੱਥ ਆਪਮੁਹਾਰੇ ਹੀ ਡੱਬ ਵਿਚ ਵਿਚ ਤੁੰਨੇ ਹੋਏ ਬਾਰਾਂ ਬੋਰ ਵਾਲੇ ਦੀ ਮੁੱਠ ਤੇ ਚਲਾ ਗਿਆ.. ਅੱਧਾ ਬਾਹਰ ਵੀ ਕੱਢ ਲਿਆ ਪਰ ਓਸੇ ਵੇਲੇ ਉਸਦਾ ਧਿਆਨ ਨਿੱਕੇ ਹੁੰਦਿਆਂ ਆਪਣੀ ਮਾਂ ਦੀ ਕੁੱਛੜ ਚੜੇ ਮੇਰੇ ਖੁਦ ਦੇ ਮਾਸੂਮ ਚੇਹਰੇ ਵੱਲ ਨੂੰ ਚਲਾ ਗਿਆ.. ਮੁੱਠ ਨੂੰ ਪਿਆ ਹੱਥ ਢਿੱਲਾ ਜਿਹਾ ਪੈ ਗਿਆ..ਸੋਚਣ ਲੱਗਾ ਜੇ ਸ਼ਰੀਕ ਦੇ ਕਤਲ ਮਗਰੋਂ ਕੈਦ ਜਾਂ ਫਾਂਸੀ ਹੋ ਗਈ ਤਾਂ ਉਸਦਾ ਪੁੱਤ ਰੁਲ ਜੂ..ਤੇ ਨਾਲੇ ਰੁਲ਼ਜੂ ਦਰ-ਦਰ ਧੱਕੇ ਖਾਂਦੀ ਉਸਦੇ ਪੁੱਤ ਦੀ ਮਾਂ..! ਫੇਰ ਆਪਣੇ ਹੋਣ ਵਾਲੇ ਅੰਜਾਮ ਬਾਰੇ ਸੋਚ ਡਰੇ ਹੋਏ ਦਾ ਹੋਂਸਲਾ ਨਾ ਪਿਆ! ਜਿਸ ਦਿਨ ਕੱਤੀ ਅਕਤੂਬਰ ਚੁਰਾਸੀ ਨੂੰ ਇੰਦਰਾ ਗਾਂਧੀ ਮਾਰ ਦਿੱਤੀ ਗਈ ਤਾਂ ਮੈਂ ਬਾਪੂ ਜੀ ਨੂੰ ਪੁੱਛ ਲਿਆ ਕੇ ਜਿਹਨਾਂ ਨੇ ਮਾਰੀ ਏ ਓਹਨਾ ਵਿਚ ਕੀ ਖਾਸ ਗੱਲ ਏ..? ਤਾਂ ਆਖਣ ਲੱਗੇ ਪੁੱਤਰ ਜਿਹਨਾਂ ਪਰਵਾਨਿਆਂ ਨੇ ਕੌਮ ਦੀ ਪੈਰਾਂ ਹੇਠ ਰੋਲ ਦਿੱਤੀ ਪੱਗ ਦੇ ਹਿਸਾਬ ਕਿਤਾਬ ਬਰੋਬਰ ਕਰਨੇ ਹੁੰਦੇ ਨੇ ਉਹ ਆਪਣੀਆਂ ਨਾਲਦੀਆਂ ਅਤੇ ਓਹਨਾ ਦੇ ਕੁੱਛੜ ਚੁੱਕੇ ਆਪਣੇ ਧੀਆਂ ਪੁੱਤਾਂ ਦੇ ਮਾਸੂਮ ਚੇਹਰੇ ਵੇਖ ਡੱਬ ਵਿਚ ਟੰਗੇ ਪਿਸਤੌਲਾਂ ਤੇ ਆਪਣੀ ਪਕੜ ਕਦੇ ਵੀ ਢਿੱਲੀ ਨਹੀਂ ਪੈਣ ਦਿਆ ਕਰਦੇ..ਨਾ ਹੀ ਓਹਨਾ ਨੂੰ ਮੌਤ ਬਣ ਅੱਗਿਓਂ ਆਉਂਦੀ ਕਿਸੇ ਗੋਲੀ ਤੋਂ ਹੀ ਕਦੇ ਕੋਈ ਡਰ ਲੱਗਿਆ ਹੁੰਦਾ ਏ! ਪੰਥ ਦੀ ਆਣ-ਬਾਣ ਤੇ ਸ਼ਾਨ ਦੀ ਖਾਤਿਰ ਉਸ ਵੇਲੇ ਦੀ ਸਭ ਤੋਂ ਉਚੀ ਬੇਰੀ ਦਾ ਟੀਸੀ ਵਾਲਾ ਬੇਰ ਤੋੜਨ ਵਾਲੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਸ਼ਹੀਦੀ ਦਿਵਸ ਤੇ ਮੋਹ ਭਿੱਜੀ ਖਰਾਜੇ-ਅਕੀਦਤ! ਹਰਪ੍ਰੀਤ ਸਿੰਘ ਜਵੰਦਾ
Please log in to comment.