Nitnama Nitnama
Profile Image
Nitnama
4 months ago

ਭਾਈ ਗੁਲਾਬ ਸਿੰਘ - ਸਿਦਕੀ ਸਿੱਖ

ਸਿੱਖ ਇਤਿਹਾਸ ਅਥਾਹ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ | ਇਹ ਸਾਖੀ ਭਾਈ ਗੁਲਾਬ ਸਿੰਘ ਪਿੰਡ ਅਕਬਰਪੁਰ ਖੁਡਾਲ, ਤਹਿਸੀਲ ਬਰੇਟਾ, ਜ਼ਿਲ੍ਹਾ ਮਾਨਸਾ ਦੀ ਹੈ | ਇਨ੍ਹਾਂ ਦਾ ਜਨਮ ਸਵਰਨਕਾਰ ਜਾਤੀ ਵਿਚ ਹੋਇਆ, ਇਹ ਸੋਨੇ ਦਾ ਕੰਮ ਕਰਦੇ ਸਨ | ਭਾਈ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਸਿੰਘ ਸਜੇ ਅਤੇ ਪਿੰਡ ਪਹੁੰਚ ਕੇ ਆਪਣੇ ਕੰਮ ਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਕਰਨ ਲੱਗੇ | ਇਸ ਪਿੰਡ ਵਿਚ ਨਬੀ ਬਖਸ਼ ਨਾਂਅ ਦਾ ਨਵਾਬ ਰਹਿੰਦਾ ਸੀ, ਜਿਸ ਨੂੰ ਮੁਗਲ ਹਕੂਮਤ ਦਾ ਨਸ਼ਾ ਚੜਿ੍ਹਆ ਹੋਇਆ ਸੀ | ਭਾਈ ਸਾਹਿਬ ਸਿੱਖੀ ਦਾ ਪ੍ਰਚਾਰ ਕਰਨ, ਇਹ ਗੱਲ ਨਬੀ ਬਖਸ਼ ਨੂੰ ਪਸੰਦ ਨਹੀਂ ਸੀ | ਉਸ ਨੇ ਉਨ੍ਹਾਂ ਨੂੰ ਹੱਥੀਂ ਹੱਥਕੜੀਆਂ ਅਤੇ ਪੈਰੀਂ ਬੇੜੀਆਂ ਲਗਾ ਕੇ ਇਕ ਭੋਰੇ ਵਿਚ ਬੰਦ ਕਰ ਦਿੱਤਾ | ਭਾਈ ਸਾਹਿਬ ਭੋਰੇ ਵਿਚ ਪਏ ਗੁਰੂ ਸਾਹਿਬ ਨੂੰ ਅਰਦਾਸ ਬੇਨਤੀਆਂ ਕਰਦੇ ਕਿ ਹੇ ਗੁਰੂ ਸਾਹਿਬ, ਜੇਕਰ ਤੁਹਾਡਾ ਨਿਰਦੋਸ਼ ਸਿੱਖ ਇਸ ਤਰ੍ਹਾਂ ਸਰੀਰ ਛੱਡ ਗਿਆ ਤਾਂ ਸਿੱਖ ਧਰਮ ਦੀ ਬੇਅਦਬੀ ਹੋਵੇਗੀ | ਜਾਣੀ-ਜਾਣ ਗੁਰੂ ਸਾਹਿਬ ਉਸ ਸਮੇਂ ਸਰਸਾ ਤੋਂ ਹੁੰਦੇ ਹੋਏ ਪੱਛਮ ਵੱਲ ਜਾ ਰਹੇ ਸਨ | ਖਬਰ ਲੱਗਣ ‘ਤੇ ਉਹ ਕੁਝ ਸਿੰਘਾਂ ਨੂੰ ਨਾਲ ਲੈ ਕੇ ਮਿਤੀ 1 ਨਵੰਬਰ 1706 ਦਿਨ ਸ਼ੁੱਕਰਵਾਰ ਨੂੰ ਪਿੰਡ ਅਕਬਰਪੁਰ ਖੁਡਾਲ ਪਹੁੰਚੇ | ਪਿੰਡ ਦੇ ਬਾਹਰ ਹੀ ਆਪਣੇ ਘੋੜੇ ਬੰਨ੍ਹ ਦਿੱਤੇ ਅਤੇ ਪੈਦਲ ਹੀ ਭੋਰੇ ਵਾਲੇ ਸਥਾਨ ‘ਤੇ ਪਹੁੰਚ ਕੇ ਪਹਿਰਾ ਦੇ ਰਹੇ ਸਿਪਾਹੀਆਂ ਨੂੰ ਬੰਦੀ ਬਣਾ ਕੇ ਭਾਈ ਸਾਹਿਬ ਨੂੰ ਭੋਰੇ ਵਿਚੋਂ ਬਾਹਰ ਆਉਣ ਦਾ ਹੁਕਮ ਦਿੱਤਾ, ਤਾਂ ਭਾਈ ਸਾਹਿਬ ਬੋਲੇ, ‘ਮੈਨੂੰ ਬੇੜੀਆਂ ਨਾਲ ਬੰਨਿ੍ਹਆ ਹੋਇਆ ਹੈ |’ ਗੁਰੂ ਜੀ ਨੇ ਕਿਹਾ ਕਿ ‘ਸਤਿਨਾਮ ਵਾਹਿਗੁਰੂ ਬੋਲੋ, ਬੇੜੀਆਂ ਆਪਣੇ ਆਪ ਟੁੱਟ ਜਾਣਗੀਆਂ |’ ਭਾਈ ਸਾਹਿਬ ਨੇ ਉਵੇਂ ਹੀ ਕੀਤਾ ਅਤੇ ਭੋਰੇ ਵਿਚੋਂ ਬਾਹਰ ਆ ਗਏ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਆਪਣੇ ਸੀਨੇ ਨਾਲ ਲਗਾਇਆ ਅਤੇ ਬਚਨ ਕੀਤਾ ਕਿ ਇਹ ਮੇਰਾ ਸਿਦਕੀ ਸਿੱਖ ਹੈ | ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਦਾ ਨਿਸਤਾਰਾ ਕੀਤਾ | ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏

Please log in to comment.